ਫਿਰ ਜੇਲ੍ਹ ਚੋਂ ਬਾਹਰ ਆਇਆ ਰਾਮ ਰਹੀਮ, ਮਿਲੀ 21 ਦਿਨਾਂ ਦੀ ਫਰਲੋ

ਚੰਡੀਗੜ੍ਹ: ਗੁਰਮੀਤ ਰਾਮ ਰਹੀਮ ਇੱਕ ਵਾਰ ਫਿਰ ਇਸ ਸਾਲ ਦੀ ਦੂਜੀ ਪੈਰੋਲ ਮਿਲੀ ਹੈ। ਪ੍ਰਸ਼ਾਸਨ ਨੇ ਅੱਜ ਸਵੇਰੇ ਉਸ ਨੂੰ ਸੁਨਾਰੀਆ ਜੇਲ੍ਹ ਚੋਂ ਬਾਹਰ ਕੱਢਿਆ। ਅੱਜ ਸਵੇਰੇ ਰਾਮ ਰਹੀਮ ਪੁਲਿਸ ਸੁਰੱਖਿਆ ਵਿਚਕਾਰ ਸਿਰਸਾ ਡੇਰੇ ਵੱਲ ਗਿਆ। ਇਸ ਵਾਰ ਰਾਮ ਰਹੀਮ ਸਿਰਸਾ ਡੇਰੇ ਵਿੱਚ ਹੀ ਰਹੇਗਾ l
ਰਾਮ ਰਹੀਮ ਨੂੰ ਜੇਲ੍ਹ ਤੋਂ ਬਾਹਰ ਕੱਢਣ ਦੀ ਜ਼ਿੰਮੇਵਾਰੀ ਖੁਦ ਹਨੀਪ੍ਰੀਤ ਨੇ ਲਈ। ਉਹ ਸਵੇਰੇ-ਸਵੇਰੇ ਰੋਹਤਕ ਦੀ ਸੁਨਾਰੀਆ ਜੇਲ੍ਹ ਪਹੁੰਚੀ ਅਤੇ ਭਾਰੀ ਪੁਲਿਸ ਕਾਫ਼ਲੇ ਦੇ ਨਾਲ ਰਾਮ ਰਹੀਮ ਦੇ ਨਾਲ ਸਿਰਸਾ ਲਈ ਰਵਾਨਾ ਹੋ ਗਈ। ਇਸ ਦੌਰਾਨ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਰਸਤੇ ਵਿੱਚ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਪੁਲਿਸ ਨੇ ਪਹਿਲਾਂ ਹੀ ਤਿਆਰੀਆਂ ਕਰ ਲਈਆਂ ਸਨ। ਸਿਰਸਾ ਡੇਰੇ ਵਿੱਚ ਉਨ੍ਹਾਂ ਦੇ ਠਹਿਰਨ ਦੀ ਖ਼ਬਰ ਕਾਰਨ ਸਮਰਥਕਾਂ ਵਿੱਚ ਉਤਸ਼ਾਹ ਹੈ, ਹਾਲਾਂਕਿ ਰਾਮ ਰਹੀਮ ਨੇ ਪਹਿਲਾਂ ਹੀ ਪੈਰੋਕਾਰਾਂ ਨੂੰ ਡੇਰੇ ਵਿੱਚ ਭੀੜ ਨਾ ਕਰਨ ਦੀ ਅਪੀਲ ਕੀਤੀ ਸੀ। ਪਰ ਦੂਜੇ ਪਾਸੇ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਚੁੱਕਦੇ ਹੋਏ ਪੰਥਕ ਆਗੂਆਂ ਅਤੇ ਹੋਰ ਸਿਆਸੀ ਧਿਰਾਂ ਨੇ ਸਿਰਸਾ ਮੁਖੀ ਦੀ ਬਾਰ-ਬਾਰ ਫਰਲੋ ‘ਤੇ ਸਵਾਲ ਖੜੇ ਕੀਤੇ ਹਨ l