ਸੁਨੀਲ ਜਾਖੜ ਵੱਲੋਂ ਅਕਾਲੀ ਭਾਜਪਾ ਗੱਠਜੋੜ ਦੀ ਹਮਾਇਤ
ਪੰਜਾਬ ਦੀ ਭਾਈਚਾਰਕ ਸਾਂਝ ਬਣਾਉਣ ਲਈ ਗਠਜੋੜ ਜਰੂਰੀ - ਜਾਖੜ

ਚੰਡੀਗੜ੍ਹ (ਨਵਜੋਤ ਕੌਰ ਬਾਵਾ)- ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਗਠਜੋੜ ਨੂੰ ਲੈ ਕੇ ਫਿਰ ਵੱਡਾ ਬਿਆਨ ਦਿੱਤਾ ਗਿਆ ਹੈ। ਉਹਨਾਂ ਇਕ ਅਖਬਾਰ ਚ ਇੰਟਰਵਿਊ ਦੌਰਾਨ ਕਿਹਾ ਕਿ ਪੰਜਾਬ ਦੀ ਆਪਸੀ ਭਾਈਚਾਰਕ ਸਾਂਝ ਨੂੰ ਬਚਾਉਣ ਲਈ ਅਕਾਲੀ ਭਾਜਪਾ ਦਾ ਗੱਠਜੋੜ ਬੇਹਦ ਜਰੂਰੀ ਹੈ। ਉਹਨਾ ਇਹ ਵੀ ਕਿਹਾ ਕਿ ਭਾਜਪਾ ਅਤੇ ਅਕਾਲੀ ਦਲ ਸਿਆਸੀ ਮੱਤਭੇਦ ਛੱਡ ਦੇਣ l ਸੁਨੀਲ ਜਾਖੜ ਦੇ ਇਸ ਬਿਆਨ ਨਾਲ ਅਕਾਲੀ ਭਾਜਪਾ ਦੋਵੇਂ ਪਾਰਟੀਆਂ ਵਿੱਚ ਵੱਖਰੀ ਚਰਚਾ ਤਾਂ ਛੜ ਹੀ ਗਈ ਹੈ ਸਗੋਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਵੀ ਸੰਭਾਵੀ ਗਠਜੋੜ ਵੱਲ ਦੇਖਣ ਲੱਗ ਗਏ ਹਨ l ਜਿਕਰਯੋਗ ਹੈ ਕਿ ਭਾਜਪਾ ਸ਼ਹਿਰੀ ਵੋਟ ਬੈਂਕ ਉੱਤੇ ਆਪਣੀ ਪਕੜ ਮਜਬੂਤ ਕਰਨ ਵੱਲ ਤੁਰੀ ਹੋਈ ਹੈ ਅਤੇ ਪ੍ਰਧਾਨ ਮੰਤਰੀ ਮੋਦੀ ਦਾ ਜਾਦੂ ਸ਼ਹਿਰੀ ਵੋਟਰਾਂ ਦੇ ਸਿਰ ਚੜ ਕੇ ਹਰ ਚੋਣ ਵਿੱਚ ਬੋਲਦਾ ਵੀ ਦਿਖਾਈ ਦਿੰਦਾ ਹੈ ਅਤੇ ਪੇਂਡੂ ਖੇਤਰ ਵਿੱਚ ਅਕਾਲੀ ਦਲ ਦਾ ਆਪਣਾ ਆਧਾਰ ਅਤੇ ਪਾਰਟੀ ਕਾਡਰ ਅਜੇ ਵੀ ਕਾਇਮ ਹੈ, ਇਸਦੇ ਚਲਦੇ ਕਿਆਸਰਾਈਆਂ ਲਾਈਆਂ ਜਾ ਰਹੀਆਂ ਹਨ ਕਿ ਜੇਕਰ ਅਕਾਲੀ ਭਾਜਪਾ ਗੱਠਜੋੜ ਹੁੰਦਾ ਹੈ ਤਾਂ ਸੂਬੇ ‘ਚ ਸੱਤਾ ਹਾਸਲ ਕਰਨਾ ਹੋਰ ਪਾਰਟੀਆਂ ਲਈ ਮੁਸ਼ਕਿਲ ਹੋ ਜਾਵੇਗਾ ਅਤੇ ਇਸ ਵਾਰ ਅਕਾਲੀ ਭਾਜਪਾ ਗੱਠਜੋੜ ਆਉਂਦੀਆਂ ਵਿਧਾਨ ਸਭਾ ਚੋਣਾਂ 2027 ‘ਚ ਬਾਜ਼ੀ ਮਾਰ ਸਕਦਾ ਹੈ। ਹਾਲਾਂਕਿ ਇਹ ਇਨਾ ਆਸਾਨ ਨਹੀਂ ਕਈ ਚੁਣੌਤੀਆਂ ਭਾਜਪਾ ‘ਤੇ ਅਕਾਲੀ ਦਲ ਦੇ ਸਾਹਮਣੇ ਹਨ l ਪਰ ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਜੇਕਰ ਅਕਾਲੀ ਭਾਜਪਾ ਦਾ ਗੱਠਜੋੜ ਹੁੰਦਾ ਹੈ ਤਾਂ ਪੰਜਾਬ ਵਿਚਲੇ ਸਿਆਸੀ ਸਮੀਕਰਨ ਸੰਭਾਵੀ ਤੌਰ ਤੇ ਬਦਲ ਜਾਣਗੇ ਅਤੇ 2027 ਵਿਧਾਨ ਸਭਾ ਚੋਣਾਂ ਦੇ ਨਤੀਜੇ ਹੈਰਾਨ ਕਰਨ ਵਾਲੇ ਹੋਣਗੇ l