ਪੰਜਾਬ ਲਈ 1600 ਕਰੋੜ ਦਾ ਪੈਕੇਜ, ਵਿਰੋਧੀ ਔਖੇ, ਭਾਜਪਾਈ ਕਹਿੰਦੇ ਪਹਿਲਾਂ ਭੇਜਿਆ 12 ਹਜ਼ਾਰ ਕਰੋੜ ਕਿੱਥੇ?

ਚੰਡੀਗੜ੍ਹ (ਅਸ਼ਵਨੀ ਕਪਤਾਨ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਹਿਮਾਚਲ ਅਤੇ ਪੰਜਾਬ ਦੇ ਹੜ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ l ਇਸ ਦੌਰਾਨ ਪ੍ਰਧਾਨ ਮੰਤਰੀ ਨੇ ਹੜ ਪੀੜਤ ਲੋਕਾਂ ਨਾਲ ਮੁਲਾਕਾਤ ਵੀ ਕੀਤੀ l ਪਹਿਲਾਂ ਦੇਸ਼ ਉਹਨਾਂ ਪੰਜਾਬ ਚ ਗੁਰਦਾਸਪੁਰ ਵਿਖੇ ਕਿਸਾਨਾਂ ਨਾਲ ਮੁਲਾਕਾਤ ਕਰਕੇ ਉਹਨਾਂ ਦਾ ਹਾਲਚਾਲ ਜਾਣਿਆ l ਪ੍ਰਧਾਨ ਮੰਤਰੀ ਨੇ ਹਿਮਾਚਲ ਲਈ 1500 ਤੇ ਪੰਜਾਬ ਲਈ 1600 ਕਰੋੜ ਰੁਪਏ ਦੇ ਪੈਕਜ ਦਾ ਐਲਾਨ ਕੀਤਾ ਹੈ। ਪੰਜਾਬ ਵਿੱਚ ਕੀਤੇ ਐਲਾਨ ਨੂੰ ਜਿੱਥੇ ਸੱਤਾਧਾਰੀ ਆਮ ਆਦਮੀ ਪਾਰਟੀ ਅਤੇ ਵਿਰੋਧੀ ਧਿਰ ਕਾਂਗਰਸ ਨੇ ਨਾ ਕਾਫੀ ਦੱਸਿਆ ਹੈ। ਉੱਥੇ ਸ਼੍ਰੋਮਣੀ ਅਕਾਲੀ ਦਲ ਨੇ ਵੀ ਇਸ ਨੂੰ ਨੁਕਸਾਨ ਤੋਂ ਕਾਫੀ ਘੱਟ ਮੁਆਵਜ਼ਾ ਦੱਸ ਕੇ ਹੋਰ ਪੈਕਜ ਦੇਣ ਦੀ ਮੰਗ ਕੀਤੀ ਹੈ। ਦੂਜੇ ਪਾਸੇ ਭਾਜਪਾ ਆਗੂਆਂ ਨੇ ਪੀਐਮ ਦੇ ਦੌਰੇ ਦੌਰਾਨ ਇਸ ਗੱਲ ਦਾ ਖੁਲਾਸਾ ਵੀ ਕੀਤਾ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਨੂੰ 12 ਹਜਾਰ ਕਰੋੜ ਰੁਪਏ ਦੀ ਰਾਸ਼ੀ ਪਹਿਲਾਂ ਹੀ ਭੇਜ ਦਿੱਤੀ ਹੈ। ਨਾ ਕਿਹਾ ਕਿ ਆਫਤ ਪ੍ਰਬੰਧਨ ਫੰਡ ਤਹਿਤ ਭੇਜੀ ਸਰਾਸ਼ੀ ਦਾ ਸਰਕਾਰ ਨੇ ਕੀ ਕੀਤਾ l ਇਸ ਰਾਸ਼ੀ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਸਵਾਲ ਖੜੇ ਕੀਤੇ ਹਨ l ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੱਸੇ ਕਿ ਪ੍ਰਧਾਨ ਮੰਤਰੀ ਮੋਦੀ ਦੇ ਦੌਰੇ ਦੌਰਾਨ ਜੋ ਗੱਲ ਸਾਹਮਣੇ ਆਈ ਹੈ ਕਿ ਕੇਂਦਰ ਸਰਕਾਰ ਨੇ ਅੱਜ ਪੈਕਜ ਦੇ ਲਾਉਣ ਤੋਂ ਪਹਿਲਾਂ ਵੀ 12 ਹਜਾਰ ਕਰੋੜ ਰੁਪਏ ਪੰਜਾਬ ਸਰਕਾਰ ਨੂੰ ਭੇਜਿਆ ਹੈ ਤਾਂ ਸਰਕਾਰ ਨੇ ਉਹ ਪੈਸਾ ਲੋਕਾਂ ਦੀ ਹੜਾਂ ਤੋਂ ਸੁਰੱਖਿਆ ਲਈ ਕਿਉਂ ਨਹੀਂ ਖਰਚਿਆ l ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਬੀ ਪੰਜਾਬ ਸਰਕਾਰ ਨੂੰ ਕੇਂਦਰ ਵੱਲੋਂ ਭੇਜੇ 12 ਹਜਾਰ ਕਰੋੜ ਰੁਪਏ ਦਾ ਹਿਸਾਬ ਮੰਗਿਆ ਹੈ। ਸਾਬਕਾ ਕੇਂਦਰੀ ਮੰਤਰੀ ਅਤੇ ਸੀਨੀਅਰ ਭਾਜਪਾ ਆਗੂ ਵਿਜੇ ਸਾਂਪਲਾ ਨੇ ਵੀ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਨੂੰ ਪਹਿਲਾਂ ਹੀ 12 ਹਜਾਰ ਕਰੋੜ ਰੁਪਏ ਜਾਰੀ ਕਰ ਦਿੱਤੇ ਗਏ ਹਨ ਅਤੇ ਜੋ 60 ਕਰੋੜ ਬਕਾਇਆ ਫੰਡ ਦੀ ਪੰਜਾਬ ਸਰਕਾਰ ਗੱਲ ਕਰ ਰਹੀ ਹੈ ਉਹ ਤੱਥ ਸਹੀ ਨਹੀਂ ਹਨ l ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦਾ ਕੇਂਦਰ ਵੱਲ ਕੋਈ ਵੀ ਬਕਾਇਆ ਪੈਸਾ ਬਾਕੀ ਨਹੀਂ ਹੈ l ਕੁੱਲ ਮਿਲਾਕੇ ਹੁਣ ਪੰਜਾਬ ਨੂੰ ਰਾਹਤ ਪੈਕਜ ਮਿਲਣ ਦੇ ਬਾਅਦ 12 ਹਜ਼ਾਰ ਕਰੋੜ ਦੀ ਅਦਾਇਗੀ ਨੂੰ ਲੈਕੇ ਵੀ ਸਿਆਸਤ ਭਖਣ ਲੱਗੀ ਹੈ l