ਪੰਜਾਬ ‘ਚ ਹੜਾਂ ਕਾਰਨ ਕਈ ਜਿਲੇ ਤਬਾਹੀ ਕੰਡੇ, ਦੁਨੀਆਂ ਦੀ ਮਦਦ ਕਰਨ ਵਾਲੇ ਆਪਣੀ ਮਦਦ ਲਈ ਹੱਥ ਅੱਡਣ ਨੂੰ ਮਜਬੂਰ

ਚੰਡੀਗੜ੍ਹ, (ਅਸ਼ਵਨੀ ਕਪਤਾਨ) -ਭਾਰੀ ਬਰਸਾਤ ਮਗਰੋਂ ਪੰਜਾਬ ਚ ਆਏ ਹੜਾਂ ਕਾਰਨ ਕਈ ਜ਼ਿਲਿਆਂ ਵਿੱਚ ਤਬਾਹੀ ਮੱਚੀ ਹੋਈ ਹੈ। ਤਬਾਹੀ ਦਾ ਮੰਜ਼ਰ ਦੇਖ ਕੇ ਸਭ ਦੇ ਹਿਰਦੇ ਵਲੂੰਦਰੇ ਜਾ ਰਹੇ ਹਨ l ਆਫਤ ਦੇ ਮੌਕੇ ਦੇਸ਼ ਦੁਨੀਆਂ ਦੀ ਮਦਦ ਲਈ ਹੱਥ ਅੱਗੇ ਵਧਾਉਣ ਵਾਲਾ ਪੰਜਾਬ ਅੱਜ ਲੋਕਾਂ ਅੱਗੇ ਹੱਥ ਅੱਡਣ ਲਈ ਮਜਬੂਰ ਹੋ ਗਿਆ ਹੈ l ਹਿਮਾਚਲ ਪ੍ਰਦੇਸ਼ ‘ਚ ਭਾਰੀ ਮੀਂਹ ਤੇ ਅਗਲੇ ਦੋ ਦਿਨਾਂ ਲਈ ਵੀ ਭਾਰੀ ਮੀਂਹ ਤੇ ਬੱਦਲ ਫਟਣ ਸਬੰਧੀ ਰੈੱਡ ਅਲਰਟ ਕਾਰਨ ਪੰਜਾਬ ਲਈ ਅਗਲੇ 3-4 ਦਿਨ ਚਿੰਤਾਜਨਕ ਹੋ ਸਕਦੇ ਹਨ | ਰਾਜ ਦੇ ਤਕਰੀਬਨ ਸਾਰੇ ਡੈਮਾਂ, ਜੋ ਜਾਂ ਤਾਂ ਖਤਰੇ ਦੇ ਨਿਸ਼ਾਨ ਤੱਕ ਪੁੱਜੇ ਹੋਏ ਹਨ ਜਾਂ ਪਾਰ ਕਰ ਚੁੱਕੇ ਹੋਏ ਹਨ, ‘ਚ ਪੁੱਜ ਰਹੇ ਪਾਣੀ ਦਾ ਅੰਦਾਜ਼ਾ ਲਗਾਉਣ ਤੋਂ ਬਾਅਦ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀ.ਬੀ.ਐਮ.ਬੀ.) ਵਲੋਂ ਚੰਡੀਗੜ੍ਹ ‘ਚ ਰੱਖੀ ਗਈ ਮੀਟਿੰਗ ‘ਚ ਹਾਲਾਤ ਅਨੁਸਾਰ ਵਾਧੂ ਪਾਣੀ ਛੱਡਣ ਸਬੰਧੀ ਫੈਸਲਾ ਲਏ ਜਾਣ ਦੀ ਸੰਭਾਵਨਾ ਹੈ | ਰਾਜ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਭਾਵੇਂ ਕੁਝ ਥਾਵਾਂ ਤੋਂ ਪਾਣੀ ਵਧਣ ਦੀਆਂ ਰਿਪੋਰਟਾਂ ਜ਼ਰੂਰ ਮਿਲੀਆਂ, ਪਰ ਛੱਡੇ ਜਾਣ ਵਾਲੇ ਪਾਣੀ ਨੂੰ ਕਾਬੂ ਹੇਠ ਰੱਖਣ ਕਾਰਨ ਅੱਜ ਸੂਬੇ ‘ਚ ਹੜ੍ਹਾਂ ਦੀ ਸਥਿਤੀ ਸਥਿਰ ਬਣੀ ਰਹੀ ਤੇ ਜੇਕਰ ਕੱਲ੍ਹ ਸਵੇਰ ਤੋਂ ਡੈਮਾਂ ਤੋਂ ਵਾਧੂ ਪਾਣੀ ਛੱਡਣਾ ਪਿਆ ਤਾਂ ਪੰਜਾਬ ਦੇ ਲੋਕਾਂ ਦੀਆਂ ਮੁਸ਼ਕਿਲਾਂ ਹੋਰ ਵਧ ਸਕਦੀਆਂ ਹਨ | ਭਾਖੜਾ, ਜੋ ਅੱਜ 1673 ਫੁੱਟ ‘ਤੇ ਸੀ ਤੇ ਖ਼ਤਰੇ ਦੇ ਨਿਸ਼ਾਨ ਤੋਂ 7 ਫੁੱਟ ਹੇਠਾਂ ਸੀ, ‘ਚ ਵੀ ਪਾਣੀ ਦਾ ਪੱਧਰ ਤੇਜ਼ੀ ਨਾਲ ਵਧ ਰਿਹਾ ਹੈ | ਪੋਂਗ ਡੈਮ ਪਹਿਲਾਂ ਹੀ ਖ਼ਤਰੇ ਦੇ ਨਿਸ਼ਾਨ ਤੋਂ ਉਪਰ ਹੈ | ਉਧਰ ਹਰਿਆਣਾ ਤੇ ਰਾਜਸਥਾਨ ਵੀ ਪਾਣੀ ਦਾ ਆਪਣਾ ਬਣਦਾ ਹਿੱਸਾ ਨਹੀਂ ਲੈ ਰਹੇ ਤੇ ਉਨ੍ਹਾਂ ਵਲੋਂ ਬੀ.ਬੀ.ਐਮ.ਬੀ. ਨੂੰ ਕਿਹਾ ਜਾ ਰਿਹਾ ਹੈ ਕਿ ਸਾਨੂੰ ਪਾਣੀ ਨਾ ਦਿੱਤਾ ਜਾਵੇ, ਜਿਸ ਕਾਰਨ ਇਹ ਪਾਣੀ ਵੀ ਪੰਜਾਬ ਦੇ ਹੜ੍ਹਾਂ ‘ਚ ਵਾਧਾ ਕਰ ਰਿਹਾ ਹੈ | ਸੂਬਾ ਸਰਕਾਰ ਵਲੋਂ ਲੋਕਾਂ ਦੀ ਮਦਦ ਲਈ ਅੱਜ ਹੜ੍ਹ ਪ੍ਰਭਾਵਿਤ ਖੇਤਰਾਂ ‘ਚ ਕੁਝ ਹੋਰ ਨਵੇਂ ਰਾਹਤ ਕੈਂਪ ਵੀ ਸਥਾਪਿਤ ਕੀਤੇ ਗਏ | ਰਾਜ ਸਰਕਾਰ ਵਲੋਂ ਇਕੱਤਰ ਜਾਣਕਾਰੀ ਅਨੁਸਾਰ 378 ਪਸ਼ੂਆਂ ਦੇ ਮਾਰੇ ਜਾਣ ਤੇ 944 ਪੱਕੇ ਘਰਾਂ ਦੇ ਨੁਕਸਾਨੇ ਜਾਣ ਦੀ ਰਿਪੋਰਟ ਹੈ | ਰਾਜ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਹੜ੍ਹ ਪ੍ਰਭਾਵਿਤ ਖੇਤਰਾਂ ‘ਚ ਖੇਤੀ ਤੇ ਜਾਇਦਾਦ ਦੇ ਨੁਕਸਾਨ ਦਾ ਅੰਦਾਜ਼ਾ ਲਗਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਨੇ ਕੰਮ ਸ਼ੁਰੂ ਕਰ ਦਿੱਤਾ ਹੈ, ਪਰ ਨੁਕਸਾਨ ਦੇ ਅਸਲ ਅੰਕੜੇ ਕੁਝ ਦਿਨਾਂ ਤੱਕ ਹੀ ਸਪਸ਼ਟ ਹੋ ਸਕਣਗੇ | ਬੁਲਾਰੇ ਨੇ ਕਿਹਾ ਕਿ ਮੁੱਖ ਮੰਤਰੀ ਵਲੋਂ ਹੜ੍ਹਾਂ ਕਾਰਨ ਹੋਏ ਨੁਕਸਾਨ ਦੀ ਭਰਪਾਈ ਕਰਨ ਲਈ ਕੇਂਦਰ ਤੋਂ ਵਿਸ਼ੇਸ਼ ਗਰਾਂਟ ਲਈ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਿਆ ਹੈ | ਇਹ ਵੀ ਜਾਣਕਾਰੀ ਹੈ ਕਿ ਕੇਂਦਰ ਸਰਕਾਰ ਦੀ ਇਕ ਟੀਮ ਅਗਲੇ ਹਫ਼ਤੇ ਪੰਜਾਬ ਆ ਰਹੀ ਹੈ, ਜਿਸ ਦੀ ਰਿਪੋਰਟ ਤੋਂ ਬਾਅਦ ਕੇਂਦਰ ਸਰਕਾਰ ਪੰਜਾਬ ਨੂੰ ਵਿਸ਼ੇਸ਼ ਰਾਹਤ ਦੇਣ ਦਾ ਫੈਸਲਾ ਲਵੇਗੀ |