ਭਾਜਪਾ ਅਕਾਲੀ ਦਲ ਨਾਲ ਗਠਜੋੜ ਨੂੰ ਲੈ ਕੇ ਲਏਗੀ ਵਰਕਰਾਂ ਦੀ ਸਲਾਹ
ਪੰਜਾਬ 'ਚ ਗੱਠਜੋੜ ਨੂੰ ਲੈ ਕੇ ਸਰਵੇਖਣ ਜਾਰੀ

ਚੰਡੀਗੜ੍ਹ 21 ਦਸੰਬਰ – ਪੰਜਾਬ ਚ ਹੋਈਆਂ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੇ ਨਤੀਜਿਆਂ ਨੇ ਪੰਜਾਬ ਭਾਜਪਾ ਸਮੇਤ ਕੇਂਦਰੀ ਲੀਡਰਸ਼ਿਪ ਨੂੰ ਵੀ ਤਕੜਾ ਹਲੂਣਾ ਦਿੱਤਾ ਜਾਪਦਾ ਹੈ l ਇਨ੍ਹਾਂ ਚੋਣਾਂ ਵਿਚ ਭਾਜਪਾ ਨੂੰ ਬਹੁਤਾ ਹੁੰਗਾਰਾ ਨਾ ਮਿਲਣ ਕਾਰਨ ਕੇਂਦਰੀ ਲੀਡਰਸ਼ਿਪ ਨੇ ਜਿਥੇ ਪੰਜਾਬ ਵੱਲ ਤਵੱਜੋਂ ਦੇਣ ਲਈ ਪਾਰਟੀ ਦੇ ਨੀਤੀ ਘਾੜਿਆਂ ਨਾਲ ਰਾਏ ਸਲਾਹ ਕਰਨ ਦੀ ਤਿਆਰੀ ਕੀਤੀ ਹੈ ਉਥੇ ਦਸਿਆ ਜਾ ਰਿਹਾ ਹੈ ਕਿ ਕੇਂਦਰੀ ਲੀਡਰਸ਼ਿਪ ਹੁਣ ਪੰਜਾਬ ਦੇ ਮੁੱਦਿਆਂ ਅਤੇ ਸਮੱਸਿਆਵਾਂ ਬਾਰੇ ਇਥੋਂ ਦੀ ਆਗੂਆਂ ਦੀ ਰਾਏ ਲਵੇਗੀ l ਇਸ ਸਬੰਧੀ ਜਲਦੀ ਦਿੱਲੀ ਚ ਮੀਟਿੰਗ ਵੀ ਸੱਦੀ ਜਾ ਸਕਦੀ ਹੈ ਅਤੇ ਪੰਜਾਬ ਦੇ ਆਗੂਆਂ ਦੀ ਰਾਏ ਲੈਣ ਲਈ ਪਾਰਟੀ ਆਬਜ਼ਰਵਰਾਂ ਵਜੋਂ ਸੀਨੀਅਰ ਆਗੂਆਂ ਦੀ ਡਿਊਟੀ ਵੀ ਲਗਾ ਸਕਦੀ ਹੈ l ਇਹ ਆਗੂ ਜਿੱਥੇ ਪੰਜਾਬ ਦੇ ਆਗੂਆਂ ਤੋਂ ਸੂਬੇ ਦੇ ਮੁੱਦਿਆਂ ਨੂੰ ਲੈਕੇ ਰਿਪੋਰਟ ਲੈਣਗੇ ਓਥੇ ਭਵਿਖ ਵਿੱਚ ਕਿਸੇ ਪਾਰਟੀ ਨਾਲ ਗਠਜੋੜ ਕਰਨ ਜਾਂ ਨਾ ਕਰਨ ਬਾਰੇ ਵੀ ਵਰਕਰਾਂ ਦੀ ਨਬਜ਼ ਟਟੋਲਣਗੇ ਪਾਰਟੀ ਦੇ ਉੱਚ ਪੱਧਰੀ ਸੂਤਰਾਂ ਅਨੁਸਾਰ ਕੇਂਦਰੀ ਲੀਡਰਸ਼ਿਪ ਨੂੰ ਪੰਜਾਬ ਦੇ ਵੱਡੀ ਗਿਣਤੀ ਵਿਚ ਟਕਸਾਲੀ ਵਰਕਰਾਂ ਵਲੋਂ ਚਿੱਠੀਆਂ ਦੇ ਰੂਪ ਵਿਚ ਸਲਾਹ ਦਿੱਤੀ ਗਈ ਹੈ ਕਿ ਜੇਕਰ ਭਾਜਪਾ ਪੰਜਾਬ ਵਿਚ ਸੱਤਾ ਦੀ ਜ਼ਮੀਨ ਹਾਸਿਲ ਕਰਨਾ ਚਾਹੁੰਦੀ ਹੈ ਤਾਂ ਜਿੱਥੇ ਪੰਜਾਬ ਦੇ ਭਖਦੇ ਮੁੱਦਿਆਂ, ਹਕਾਂ ਅਤੇ ਸਮੱਸਿਆਵਾਂ ਨੂੰ ਲੈਕੇ ਭਾਜਪਾ ਨੂੰ ਗੰਭੀਰਤਾ ਨਾਲ ਵਿਚਾਰ ਕਰਨਾ ਪਵੇਗਾ ਸਗੋਂ ਪੇਂਡੂ ਖੇਤਰ ਦੀ ਵੋਟ ਹਾਸਿਲ ਕਰਨ ਲਈ ਇੱਕਲਿਆਂ ਚੋਣ ਮੈਦਾਨ ਚ ਉਤਰਨ ਦੀ ਜਗ੍ਹਾ ਗਠਜੋੜ ਵੀ ਕਰਨਾ ਜਰੂਰੀ ਹੈ l ਇਸਦੇ ਨਾਲ ਹੀ ਅਕਾਲੀ ਦਲ ਨਾਲ ਸਮਝੌਤਾ ਕਰਨ ਬਾਰੇ ਵੀ ਕੇਂਦਰੀ ਲੀਡਰਸ਼ਿਪ ਨੂੰ ਹੇਠਲੇ ਪੱਧਰ ਤੋਂ ਸਲਾਹਾਂ ਉੱਤੇ ਮਸ਼ਵਰੇ ਮਿਲਣ ਲੱਗ ਗਏ ਹਨ। ਇਸ ਨੂੰ ਲੈ ਕੇ ਹੁਣ ਭਾਜਪਾ ਪੰਜਾਬ ਵਿੱਚ ਸਰਵੇਖਣ ਸ਼ੁਰੂ ਕਰ ਚੁੱਕੀ ਹੈ। ਦੱਸਣਯੋਗ ਹੈ ਕਿ ਪੰਜਾਬ ਵਿਚ ਭਜਾਓ ਵਲੋਂ ਅਕਾਲੀ ਦਲ ਨਾਲ ਗੱਠਜੋੜ ਨੂੰ ਲੈਕੇ ਪੰਜਾਬ ਸਮੇਤ ਦਿੱਲੀ ਦੇ ਕਈ ਆਗੂਆਂ ਦੀ ਵੀ ਵੱਖੋ ਵੱਖਰੀ ਰਾਇ ਹੈ ਪਰ ਦਸਿਆ ਜਾ ਰਿਹਾ ਹੈ ਕਿ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਨੇ ਇਹ ਗੱਲ ਸਾਫ ਕਰ ਦਿੱਤੀ ਹੈ ਕਿ ਪੰਜਾਬ ਵਿੱਚ ਕਿਸੇ ਵੀ ਪਾਰਟੀ ਨਾਲ ਸਮਝੌਤੇ ਬਾਰੇ ਪੰਜਾਬ ਇਕਾਈ ਨਾਲ ਰਾਏ ਸਲਾਹ ਕਰਨ ਤੋਂ ਬਾਅਦ ਹੀ ਕੋਈ ਫੈਸਲਾ ਲਿਆ ਜਾਵੇਗਾ l ਦੱਸਿਆ ਜਾ ਰਿਹਾ ਹੈ ਕਿ ਭਾਜਪਾ ਚੜਦੇ ਸਾਲ ਜਨਵਰੀ ਮਹੀਨੇ ਪੰਜਾਬ ਦੇ ਸੰਗਠਨ ਨੂੰ ਸਰਗਰਮ ਕਰਨ ਲਈ ਯੋਜਨਾ ਤਿਆਰ ਕਰਨ ਉੱਤੇ ਲਗ ਹੈ ਉੱਥੇ ਭਾਜਪਾ ਦੇ ਪੰਜਾਬ ਚ ਅਧਾਰ, ਸਮਝੌਤੇ ਦਾ ਮੁੱਦਾ, ਸੂਬੇ ਦੇ ਮਸਲਿਆਂ ਸਮੇਤ ਹੋਰ ਮੁੱਦਿਆਂ ਨੂੰ ਲੈਕੇ ਸਰਵੇਖਣ ਵੀ ਕਰਵਾਇਆ ਜਾ ਸਕਦਾ ਹੈ lਜਿਕਰਯੋਗ ਹੈ ਕਿ ਸੂਬੇ ਚ ਸਭ ਤੋਂ ਵੱਧ ਜੇਕਰ ਕਿਸੇ ਪਾਰਟੀ ਦਾ ਸੋਸ਼ਲ ਮੀਡੀਆ ਵਿੰਗ ਮਜ਼ਬੂਤ ਹੈ ਉਹ ਸੱਤਾਧਾਰੀ ਆਮ ਆਦਮੀ ਪਾਰਟੀ ਹੈ ਪਰ ਹੁਣ ਭਾਜਪਾ ਵੀ ਹੁਣ ਸੂਬੇ ਚ ਪਾਰਟੀ ਦੇ ਸੋਸ਼ਲ ਮੀਡੀਆ ਵਿੰਗ ਨੂੰ ਮਜ਼ਬੂਤ ਕਰਨ ਕਰਕੇ ਪਾਰਟੀ ਦੀਆਂ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਕੰਮ ਕਰੇਗੀ l



