
ਚੰਡੀਗੜ੍ਹ -ਪੱਛਮੀ ਬੰਗਾਲ ‘ਚ ਮਮਤਾ ਬੈਨਰਜੀ ਦੀ ਹਾਰ ਹੋਈ ਹੈ ਤੇ ਭਾਜਪਾ ਨੇ ਉੱਥੇ ਕਮਲ ਖਿਲਾ ਦਿੱਤਾ ਹੈ l ਭਾਜਪਾ ਦੇ ਪੱਛਮੀ ਬੰਗਾਲ ਅਸਮ ਅਤੇ ਪੰਡਿਤ ਚਿਹਰੇ ਚ ਜਿੱਤ ਨੂੰ ਲੈ ਕੇ ਚੰਡੀਗੜ੍ਹ ਦੇ ਭਾਜਪਾ ਦਫਤਰ ਵਿੱਚ ਜਸ਼ਨ ਮਨਾਇਆ ਗਿਆ l ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਪੱਛਮੀ ਬੰਗਾਲ ਵਿਚ ਪ੍ਰਚੰਡ ਬਹੁਮਤ ਨਾਲ ਪਹਿਲੀ ਵਾਰ ਅਤੇ ਅਸਮ ਤੇ ਪੁੱਡੁਚੇਰੀ ਵਿਚ ਮੁੜ ਭਾਜਪਾ (BJP) ਦੀ ਸਰਕਾਰ ਬਣਨ ਦਾ ਸਿਹਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗਤੀਸ਼ੀਲ ਅਗਵਾਈ ਅਤੇ ਕੌਮੀ ਪ੍ਰਧਾਨ ਨਿਤਿਨ ਨਬੀਨ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਮਾਰਗਦਰਸ਼ਨ ਨੂੰ ਦਿੰਦਿਆਂ ਆਖਿਆ ਹੈ ਕਿ ਪੱਛਮੀ ਬੰਗਾਲ ਵਰਗੇ ਨਤੀਜੇ ਹੀ 2027 ਵਿਚ ਪੰਜਾਬ (Punjab2027) ਵਿਚ ਆਉਣਗੇ।
ਅੱਜ ਇੱਥੇ ਪਾਰਟੀ ਹੈਡਕੁਆਰਟਰ ਵਿਖੇ ਵੱਖ ਵੱਖ ਸੂਬਿਆਂ ਵਿਚ ਪਾਰਟੀ ਨੂੰ ਮਿਲੀ ਜਿੱਤ ਦੇ ਜਸਨ ਮਨਾਉਂਦਿਆਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਨੀਲ ਜਾਖੜ ਨੇ ਬੰਗਾਲ ਦੇ ਪਾਰਟੀ ਵਰਕਰਾਂ ਦੀ ਸਲਾਘਾ ਕਰਦਿਆਂ ਉਨ੍ਹਾਂ ਦੇ ਸਬਰ ਨੂੰ ਵੀ ਸਿਜਦਾ ਕੀਤਾ, ਜਿੰਨ੍ਹਾਂ ਨੇ ਸੱਤਾਧਾਰੀ ਪਾਰਟੀ ਦੇ ਜੁਲਮ ਦਾ ਡੱਟ ਕੇ ਟਾਕਰਾ ਕੀਤਾ ਅਤੇ ਸਭ ਦਾ ਸਾਥ ਸਭ ਦਾ ਵਿਕਾਸ ਕਰਨ ਵਾਲੀ ਪਾਰਟੀ ਦੀ ਸਰਕਾਰ ਬਣਾਈ।
ਉਨ੍ਹਾਂ ਨੇ ਕਿਹਾ ਕਿ ਬੰਗਾਲ ਪਾਰਟੀ ਲਈ ਇਕ ਚੁਣੌਤੀ ਸੀ ਅਤੇ ਪਾਰਟੀ ਦੀ ਸਮੱਰਥ ਲੀਡਰਸ਼ਿਪ ਤੇ ਬੰਗਾਲ ਦੇ ਲੋਕਾਂ ਨੇ ਇਸ ਚੁਣੌਤੀ ਨੂੰ ਸਰ ਕੀਤਾ ਹੈ ਅਤੇ ਹੁਣ ਇਸੇ ਜੋਸ ਨਾਲ ਪਾਰਟੀ ਪੰਜਾਬ ਵਿਚ ਅਗਲੀਆਂ ਚੋਣਾਂ ਦੀਆਂ ਤਿਆਰੀਆਂ ਵਿਚ ਲੱਗ ਗਈ ਹੈ।




