*“ਪਹਿਲਾਂ ਟੈਂਡਰ ‘ਚ ਵਾਧਾ, ਫਿਰ ਹਵਾਲਾ ਰਾਹੀਂ ਪੈਸਾ ਭੇਜਿਆ ਜਾ ਰਿਹਾ ਗੁਜਰਾਤ ”-ਪੰਜਾਬ ਦਾ ਕੇਜਰੀਵਾਲ ਮਾਡਲ* – ਮਜੀਠੀਆ

*“ਪਹਿਲਾਂ ਟੈਂਡਰ ‘ਚ ਵਾਧਾ, ਫਿਰ ਹਵਾਲਾ ਰਾਹੀਂ ਪੈਸਾ ਭੇਜਿਆ ਜਾ ਰਿਹਾ ਗੁਜਰਾਤ ”-ਪੰਜਾਬ ਦਾ ਕੇਜਰੀਵਾਲ ਮਾਡਲ* – ਮਜੀਠੀਆ
*“ਸੜਕਾਂ ‘ਤੇ ਲੁੱਕ ਘੱਟ, ਟੈਂਡਰਾਂ ‘ਚ ਪੈਸਾ ਜ਼ਿਆਦਾ — ਪੰਜਾਬ ਪੁੱਛਦਾ, ਇਹ ਖੇਡ ਕਿੰਨੇ ਦਿਨ ਹੋਰ?”*
*“ਮਾਨ ਸਾਹਿਬ ਦਾ ‘ਮੇਗਾ ਟੈਂਡਰ ਸ਼ੋ’ — ਸੜਕਾਂ ਘੱਟ, ਬਿੱਲ ਜ਼ਿਆਦਾ!”*
*“ਫਰੀਦਕੋਟ ਜੇਲ੍ਹ ਤੋਂ ਸਿੱਧਾ ਟੈਂਡਰ — ਕੀ ਇਹ ‘AAP ਦਾ ਨਵਾਂ ਸਟਾਰਟਅਪ ਮਾਡਲ’ ਹੈ?”*
*“ਕੇਜਰੀਵਾਲ ਗੈਂਗ ਦਾ ਫਾਰਮੂਲਾ — ਟੈਂਡਰ ਇੱਥੇ, ਹਵਾਲਾ ਓਥੇ, ਪੈਸਾ ਗੁਜਰਾਤ?”*
ਚੰਡੀਗੜ,20 ਅਪ੍ਰੈਲ
ਸ਼ਿਰੋਮਣੀ ਅਕਾਲੀ ਦਲ ਦੇ ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਆਪਣੇ ਪ੍ਰੈੱਸ ਬਿਆਨ ਵਿਚ ਪੰਜਾਬ ਵਿੱਚ ਟੈਂਡਰ ਪ੍ਰਕਿਰਿਆ, ਕਥਿਤ ਵਿੱਤੀ ਬੇਨਿਯਮੀਆਂ ਅਤੇ ਹਵਾਲਾ ਨੈੱਟਵਰਕ ਨਾਲ ਜੁੜਦੇ ਮਾਮਲਿਆਂ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਇਹ ਹੁਣ ਵੱਖ-ਵੱਖ ਘਟਨਾਵਾਂ ਨਹੀਂ ਰਹੀਆਂ, ਸਗੋਂ ਇੱਕ ਸੁਚੱਜੇ ਤਰੀਕੇ ਨਾਲ ਚੱਲ ਰਹੇ ਅਰਵਿੰਦ ਕੇਜਰੀਵਾਲ ਦੇ ਸੰਭਾਵਿਤ *“ਯੋਜਨਾਬੱਧ ਲੁੱਟ ਮਾਡਲ”* ਨੂੰ ਤਸਵੀਰਾ ਆਪਣੇ ਆਪ ਪੇਸ਼ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਦੇ ਦੌਰ ਵਿੱਚ ਪੰਜਾਬ ਦੇ ਖਜ਼ਾਨੇ ਨਾਲ ਅੰਨੀ ਲੁੱਟ ਦੀ ਖੇਡ ਹੋ ਰਹੀ ਹੈ ਅਤੇ ਇਸਦੇ ਸੂਤਰ ਦਿੱਲੀ ਦੇ ਮਾਸਟਰਾਂ ਜੋਂ ਪੰਜਾਬ ਦੀਆ ਕੋਠੀਆ ਵਿਚ ਐਸ਼ ਨਾਲ ਰਹਿ ਰਹੇ ਹਨ ਨਾਲ ਸਿੱਧੇ ਜੁੜੇ ਦਿਖਾਈ ਦੇ ਰਹੇ ਹਨ। ਜਿਹਨਾਂ ਦੀਆ ਫ਼ੋਟੋਆਂ ਵੀ ਜਨਤਕ ਹੋ ਚੁੱਕੀਆਂ ਹਨ ਅਤੇ ਜਿਸ ਤਰ੍ਹਾਂ ਗੁਜਰਾਤ ਪੁਲੀਸ ਨੇ ਪੰਜਾਬ ਵਿਚ ਬੈਠੇ ਦਿੱਲੀ ਦੇ ਮਾਸਟਰਾਂ ਦੇ ਖਾਸ ਚਹੇਤਿਆ ਨੂੰ ਗਿਰਫ਼ਤਾਰ ਕੀਤਾ ਹੈ ਜਿਹਨਾਂ ਦੇ ਸਿੱਧੇ ਤਾਰ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਖਾਸ ਨੇਤਾਵਾਂ ਨਾਲ ਜੁੜੇ ਹੋਏ ਹਨ ਅਤੇ ਸਾਰਾ ਪੈਸਾ ਪੰਜਾਬ ਤੋਂ ਇਕੱਠਾ ਕਰਕੇ ਬਾਇਆ ਦਿੱਲੀ ਤੋ ਗੁਜਰਾਤ ਭੇਜਿਆ ਜਾ ਰਿਹਾ ਸੀ । ਮਜੀਠੀਆ ਨੇ ਕਿਹਾ ਕਿ ਗੁਜਰਾਤ ਦਾ ਸੂਰਤ ਸ਼ਹਿਰ ਦੇਸ਼ ਦੇ ਹਵਾਲਾ ਕਾਰੋਬਾਰ ਦਾ ਇਕ ਵੱਡਾ ਸੈਂਟਰ ਹੈ ਜਿਥੋਂ ਭਾਰਤ ਹੀ ਨਹੀਂ ਬਲਕਿ ਵਿਦੇਸ਼ਾਂ ਵਿਚ ਹਰ ਰੋਜ ਕਰੋੜਾਂ ਰੁਪਏ ਦਾ ਲੈਣ ਦੇਣ ਹੁੰਦਾ ਹੈ ਉਸਦੀ ਹੀ ਕੜੀ ਹੁਣ ਆਮ ਆਦਮੀ ਪਾਰਟੀ ਬਣ ਚੁੱਕੀ ਹੈ।
ਮਜੀਠੀਆ ਨੇ ਅੱਗੇ ਮੁਹਾਲੀ ਦੇ ₹912 ਕਰੋੜ ਦੇ ਸੜਕ ਪ੍ਰੋਜੈਕਟ ਦਾ ਹਵਾਲਾ ਦਿੰਦਿਆਂ ਕਿਹਾ ਕਿ ਮੁੱਢਲੀ ਲਾਗਤ ₹783 ਕਰੋੜ ਤੋਂ ਵਧ ਕੇ ₹912 ਕਰੋੜ ਹੋ ਜਾਣਾ, ਪ੍ਰਤੀ ਕਿਲੋਮੀਟਰ ₹10–11 ਕਰੋੜ ਦੀ ਲਾਗਤ ਅਤੇ ਪਹਿਲਾਂ ਹੀ ਬਣੀਆਂ ਸੜਕਾਂ ਨੂੰ ਦੁਬਾਰਾ ਪ੍ਰੋਜੈਕਟ ਵਿੱਚ ਸ਼ਾਮਲ ਕਰਨਾ ਸਪੱਸ਼ਟ ਤੌਰ ‘ਤੇ ਗੰਭੀਰ ਸਵਾਲ ਖੜ੍ਹਦਾ ਹੈ। ਉਨ੍ਹਾਂ ਕਿਹਾ ਕਿ “ਸੜਕ ਇੱਕ, ਬਿੱਲ ਦੋ” ਵਾਲਾ ਹਾਲ ਬਣਾਇਆ ਜਾ ਰਿਹਾ ਹੈ। ਜੁਰਮਾਨਾ ਕਲੌਜ਼ ਦਾ ਗਾਇਬ ਹੋਣਾ ਅਤੇ ਕਾਨੂੰਨੀ ਮਾਮਲਿਆਂ ਦੇ ਬਾਵਜੂਦ ਟੈਂਡਰ ਅਲਾਟ ਕਰਨਾ ਪ੍ਰਕਿਰਿਆ ਦੀ ਪਾਰਦਰਸ਼ਤਾ ‘ਤੇ ਵੱਡਾ ਪ੍ਰਸ਼ਨ ਚਿੰਨ੍ਹ ਹੈ।
ਉਨ੍ਹਾਂ ਲੁਧਿਆਣਾ ਵਿੱਚ PIDB ਦੇ ਤਹਿਤ ₹165 ਕਰੋੜ ਦੇ ਰੋਡ ਪ੍ਰੋਜੈਕਟ ਨੂੰ ਲੈਕੇ ਭਗਵੰਤ ਮਾਨ ਉਪਰ ਨਿਸ਼ਾਨਾ ਸਾਧਿਆ, ਉਹਨਾਂ ਕਿਹਾ ਕਿ ਮੀਡੀਆ ਰਿਪੋਰਟਾਂ ਵਿੱਚ ਕਈ ਗੰਭੀਰ ਗੜਬੜੀਆਂ ਦੀ ਗੱਲ ਸਾਹਮਣੇ ਆਈ ਹੈ। ਉਨ੍ਹਾਂ ਕਿਹਾ ਕਿ ਇੱਕੋ ਜਿਹੇ ਪੈਟਰਨ—ਵਧੀ ਲਾਗਤ, ਸ਼ਕੀ ਪ੍ਰਕਿਰਿਆ ਅਤੇ ਸਵਾਲਾਂ ਦੇ ਬਾਵਜੂਦ ਅੱਗੇ ਵਧਦੇ ਟੈਂਡਰ—ਇਹ ਸਪੱਸ਼ਟ ਕਰਦੇ ਹਨ ਕਿ ਇਹ ਸਿਰਫ਼ ਇਤਫ਼ਾਕ ਨਹੀਂ, ਸਗੋਂ ਇੱਕ “ਸਕ੍ਰਿਪਟਡ ਖੇਡ” ਹੋ ਰਹੀ ਹੈ ਜੌ ਦਿੱਲੀ ਦੇ ਮਾਸਟਰਾਂ ਦੇ ਇਸ਼ਾਰੇ ਤੇ ਚਲਾਈ ਜਾ ਰਹੀ ਹੈ ਜਦਕਿ ਇਹਨਾਂ ਦੇ ਅੱਗੇ ਭਗਵੰਤ ਮਾਨ ਦੇ ਹਰੇ ਪੈਨ ਦੀ ਸਿਆਹੀ ਸੁੱਕ ਚੁੱਕੀ ਹੈ।
ਮਜੀਠੀਆ ਨੇ ਫਰੀਦਕੋਟ ਵਿੱਚ ਫੂਡ ਸਪਲਾਈ ਵਿਭਾਗ ਦੇ ਕਥਿਤ ਟੈਂਡਰ ਘਪਲੇ ਨੂੰ ਲੈ ਕੇ ਕਿਹਾ ਕਿ ਜਿਨ੍ਹਾਂ ਲੋਕਾਂ ‘ਤੇ ਦਲਿਤ ਮਜ਼ਦੂਰਾਂ ਨਾਲ ਮਾਰਕੁਟਾਈ ਦੇ ਦੋਸ਼ ਹਨ ਅਤੇ ਜੋ ਜੇਲ੍ਹ ਵਿੱਚ ਹਨ, ਉਹਨਾਂ ਨੂੰ ਹੀ ਸਰਕਾਰੀ ਸਪਲਾਈ ਦੇ ਟੈਂਡਰ ਮਿਲਣ ਦੀਆਂ ਖਬਰਾਂ ਨੇ ਸਾਰੇ ਸਿਸਟਮ ਨੂੰ ਹਿਲਾ ਕੇ ਰੱਖ ਦਿੱਤਾ ਹੈ। ਉਨ੍ਹਾਂ ਤਿੱਖਾ ਤੰਜ ਕੱਸਦਿਆਂ ਕਿਹਾ ਕਿ ਭਗਵੰਤ ਰਾਜ ਵਿਚ “ਹੁਣ ਲੱਗਦਾ ਹੈ ਯੋਗਤਾ ਨਹੀਂ, ਕੇਸ ਹੋਣਾ ਹੀ ਕਾਫੀ ਹੈ ਟੈਂਡਰ ਲੈਣ ਲਈ।”
ਉਨ੍ਹਾਂ ਦੋਸ਼ ਲਗਾਇਆ ਕਿ ਟੈਂਡਰ ਅਲਾਟਮੈਂਟ ਵਿੱਚ ਯੋਗਤਾ ਦੀ ਬਜਾਏ ਸਿਆਸੀ ਸਹਾਰੇ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਅਤੇ ਸਥਾਨਕ ਠੇਕੇਦਾਰਾਂ ਨੂੰ ਪਾਸੇ ਕਰਕੇ ਬਾਹਰੀ ਕੰਪਨੀਆਂ ਨੂੰ ਲਾਭ ਦਿੱਤਾ ਜਾ ਰਿਹਾ ਹੈ। ਉਨ੍ਹਾਂ ਪੁੱਛਿਆ ਕਿ ਕੀ ਪੰਜਾਬ ਦੇ ਨੌਜਵਾਨ ਅਤੇ ਉਦਯੋਗ ਹੁਣ ਸਿਰਫ਼ ਦਰਸ਼ਕ ਬਣ ਕੇ ਰਹਿ ਜਾਣਗੇ?
ਮਜੀਠੀਆ ਨੇ ਕਿਹਾ ਕਿ ਹਵਾਲਾ ਨੈੱਟਵਰਕ ਨਾਲ ਜੁੜਦੇ ਖੁਲਾਸਿਆਂ ਨੇ ਇਸ ਪੂਰੇ ਮਾਮਲੇ ਨੂੰ ਹੋਰ ਵੀ ਸਪੱਸ਼ਟ ਕਰ ਦਿੱਤਾ ਹੈ। ਉਨ੍ਹਾਂ ਸਵਾਲ ਕੀਤਾ ਕਿ ਕੀ ਟੈਂਡਰਾਂ ਵਿੱਚ ਵਧਾਈ ਗਈ ਲਾਗਤ ਦਾ ਇੱਕ ਹਿੱਸਾ ਹਵਾਲਾ ਰਾਹੀਂ ਬਾਹਰ ਭੇਜਿਆ ਜਾ ਰਿਹਾ ਹੈ? ਉਨ੍ਹਾਂ ਕਿਹਾ ਕਿ “ਪਹਿਲਾਂ ਟੈਂਡਰ ‘ਚ ਵਾਧਾ, ਫਿਰ ਪੈਸੇ ਦੀ ਉਡਾਣ”—ਇਹ ਮਾਡਲ ਹੁਣ ਲੋਕਾਂ ਨੂੰ ਸਮਝ ਆਉਣਾ ਸ਼ੁਰੂ ਹੋ ਗਿਆ ਹੈ।
ਉਨ੍ਹਾਂ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦਿਆ ਅਤੇ ਸਤਿੰਦਰ ਜੈਨ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਜਿਹੜਾ ਮਾਡਲ ਪਹਿਲਾਂ ਦਿੱਲੀ ਵਿੱਚ ਸਵਾਲਾਂ ਦੇ ਘੇਰੇ ਵਿੱਚ ਸੀ, ਉਹੀ ਹੁਣ ਪੰਜਾਬ ਵਿੱਚ ਰੀਲਾਂਚ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ “ਦਿੱਲੀ ਦਾ ਡਿਜ਼ਾਈਨ, ਪੰਜਾਬ ਦਾ ਪੈਸਾ” — ਇਹ ਸੌਦਾ ਪੰਜਾਬੀਆਂ ਨੂੰ ਕਬੂਲ ਨਹੀਂ।
ਉਨ੍ਹਾਂ ਕਿਹਾ ਕਿ ਇੱਕ ਪਾਸੇ ਸਰਕਾਰ ਖਜ਼ਾਨਾ ਖਾਲੀ ਹੋਣ ਦੀ ਗੱਲ ਕਰਦੀ ਹੈ, ਮੁਲਾਜ਼ਮਾਂ ਦੇ ਹੱਕ ਰੋਕਦੀ ਹੈ, ਦੂਜੇ ਪਾਸੇ ਮੁਹਾਲੀ, ਲੁਧਿਆਣਾ ਅਤੇ ਫਰੀਦਕੋਟ ਵਰਗੇ ਮਾਮਲੇ ਇੱਕ ਵੱਡੀ ਵਿੱਤੀ ਖੇਡ ਵੱਲ ਇਸ਼ਾਰਾ ਕਰਦੇ ਹਨ। ਇਹ ਸਿਰਫ਼ ਵਿਰੋਧਾਭਾਸ ਨਹੀਂ, ਸਗੋਂ ਇੱਕ ਵੱਡਾ ਸੰਕੇਤ ਹੈ ਕਿ ਕੁਝ ਗਲਤ ਚੱਲ ਰਿਹਾ ਹੈ ਜਿਸਦੀ ਕਿਸੇ ਵੀ ਕੇਂਦਰੀ ਏਜੇਂਸੀ ਤੋ ਜਾਂਚ ਕਰਵਾਈ ਜਾਵੇ।
ਮਜੀਠੀਆ ਨੇ ਮੰਗ ਕੀਤੀ ਕਿ ਇਸ ਪੂਰੇ ਮਾਮਲੇ ਦੀ ਸੀਬੀਆਈ ਅਤੇ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਤੁਰੰਤ, ਨਿਰਪੱਖ ਅਤੇ ਸਮੇਂ-ਬੱਧ ਜਾਂਚ ਕੀਤੀ ਜਾਵੇ, ਤਾਂ ਜੋ ਸੱਚ ਸਾਹਮਣੇ ਆ ਸਕੇ ਅਤੇ ਜ਼ਿੰਮੇਵਾਰਾਂ ‘ਤੇ ਕਾਰਵਾਈ ਹੋ ਸਕੇ।




